ਥੋਮਸ ਯੰਗ ਨੂੰ ਰੌਸ਼ਨੀ ਦੇ ਵੇਵ ਸਿਧਾਂਤ ਦੀ ਸਥਾਪਨਾ ਦਾ ਸਿਹਰਾ ਦਿੱਤਾ ਜਾਂਦਾ ਹੈ। ਥੋਮਸ ਯੰਗ ਨੇ ਰੌਸ਼ਨੀ, ਪਦਾਰਥ, ਊਰਜਾ ਅਤੇ ਸਰੀਰ ਵਿਗਿਆਨ ਦੇ ਖੇਤਰ ਵਿਚ ਆਪਣਾ ਯੋਗਦਾਨ ਪਾਇਆ।
ਥੋਮਸ ਯੰਗ ਦੇ ਜਨਮ ਅਤੇ ਉਸ ਦੀ ਮੁੱਢਲੀ ਸਿੱਖਿਆ ਬਾਰੇ ਜਾਣੋ--
ਥੋਮਸ ਯੰਗ ਦਾ ਜਨਮ 13 ਜੂਨ, 1773 ਨੂੰ ਮਿਲਵਰਟਨ, ਇੰਗਲੈਂਡ ਵਿਚ ਹੋਇਆ ਸੀ। ਯੰਗ ਉਸ ਸਮੇਂ 14 ਸਾਲ ਦਾ ਸੀ ਜਦ ਉਹ ਯੂਨਾਨੀ ਅਤੇ ਲਾਤੀਨੀ ਭਾਸ਼ਾ ਸਿੱਖ ਗਿਆ ਸੀ। ਇਸਤੋਂ ਇਲਾਵਾ ਉਸਨੇ ਜਰਮਨ, ਅਰਬੀ, ਫ਼ਾਰਸੀ, ਤੁਰਕੀ ਅਤੇ ਕਈ ਹੋਰ ਭਾਸ਼ਾਵਾਂ ਵਿੱਚ ਵੀ ਮੁਹਾਰਤ ਹਾਸਲ ਕੀਤੀ।19 ਸਾਲ ਦੀ ਉਮਰ ਵਿੱਚ ਯੰਗ ਨੇ ਲੰਡਨ ਦੇ ਬਾਰਥੋਲੋਮਿਊ ਨਾਂ ਦੇ ਹਸਪਤਾਲ ਵਿਚ ਮੈਡੀਕਲ ਦੀ ਪੜ੍ਹਾਈ ਸ਼ੁਰੂ ਕੀਤੀ। ਫਿਰ 1794 ਵਿਚ ਐਡਿਨਬਰਗ ਦੇ ਮੈਡੀਕਲ ਸਕੂਲ ਵਿਚ ਪੜ੍ਹਨ ਤੋਂ ਬਾਅਦ ਉਹ ਜਰਮਨ ਚਲਿਆ ਗਿਆ। ਜਿੱਥੇ ਉਸ ਨੇ ਗੋਟਿੰਗਨ ਨਾਂ ਦੀ ਯੂਨੀਵਰਸਿਟੀ ਤੋਂ 1796 ਵਿਚ ਡਾਕਟਰ ਦੀ ਡਿਗਰੀ ਹਾਸਿਲ ਕੀਤੀ। 26 ਸਾਲ ਦੀ ਉਮਰ ਵਿਚ ਯੰਗ ਨੇ ਖੁਦ ਨੂੰ ਇੱਕ ਡਾਕਟਰ ਵਜੋਂ ਸਥਾਪਤ ਕਰ ਲਿਆ ਸੀ। ਥੋਮਸ ਯੰਗ ਦਾ 1804 ਵਿਚ ਇਲੀਜ਼ਾ ਮੈਕਸਵੈੱਲ ਨਾਲ ਵਿਆਹ ਹੋਇਆ ਸੀ।
ਰੌਸ਼ਨੀ ਵੇਵ (ਤਰੰਗ) ਸਿਧਾਂਤ ਦੀ ਸਥਾਪਨਾ ਕਰਨੀ--
ਯੰਗ ਨੇ ਕਈ ਮਹੱਤਵ ਪੂਰਨ ਖੋਜਾਂ ਕੀਤੀਆਂ। ਆਧੁਨਿਕ ਵਿਗਿਆਨ ਅੰਦਰ ਰੌਸ਼ਨੀ ਦੇ ਵੇਵ ਸਿਧਾਂਤ ਦੀ ਸਥਾਪਨਾ ਦਾ ਥੋਮਸ ਯੰਗ ਨੇ ਹੀ ਕੀਤੀ ਸੀ। 1800 ਈ: ਵਿਚ ਉਸਨੇ ਰਾਇਲ ਸੁਸਾਇਟੀ ਦੇ ਸਾਹਮਣੇ ਆਪਣੀ ਦਲੀਲ ਰੱਖੀ ਕਿ ਰੌਸ਼ਨੀ ਇਕ ਵੇਵ (ਲਹਿਰ) ਦੀ ਤਰ੍ਹਾਂ ਹੈ। ਰਾਇਲ ਸੁਸਾਇਟੀ ਵੱਲੋਂ ਉਸ ਦੀ ਦਿੱਤੀ ਦਲੀਲ ਉੱਤੇ ਸ਼ੱਕ ਜ਼ਾਹਿਰ ਕੀਤਾ ਗਿਆ। ਪਰ ਫਿਰ ਵੀ ਯੰਗ ਨੇ ਆਪਣੇ ਸਿਧਾਂਤ ਦੀ ਚੰਗੀ ਤਰ੍ਹਾਂ ਪੁਸ਼ਟੀ ਕਰਨ ਲਈ ਆਪਣੀ ਸੋਚ ਦਾ ਵਿਕਾਸ ਓਸੇ ਤਰ੍ਹਾਂ ਜਾਰੀ ਰੱਖਿਆ। ਅਤੇ ਰਾਇਲ ਸੁਸਾਇਟੀ ਨੂੰ ਲਗਾਤਾਰ ਆਪਣੀਆਂ ਖੋਜਾਂ ਦੀ ਜਾਣਕਾਰੀ ਦਿੰਦਾ ਰਿਹਾ।ਉਸਨੇ ਵਗਦੇ ਪਾਣੀ ਅੰਦਰ ਲਹਿਰਾਂ ਦੀ ਆਪਸੀ ਦਖਲਅੰਦਾਜੀ ਨੂੰ ਦਰਸਾ ਕਿ ਕਿਹਾ ਠੀਕ ਇਸੇ ਤਰ੍ਹਾਂ ਹੀ ਲਾਈਟ (ਰੌਸ਼ਨੀ) ਵਿਚ ਵੀ ਹੋ ਰਿਹਾ ਹੈ। ਉਸਨੇ ਆਪਣੇ ਇਸ ਤੱਥ ਬਾਰੇ ਰਾਇਲ ਸੁਸਾਇਟੀ ਨੂੰ ਇੱਕ ਪੱਤਰ ਲਿਖਿਆ। ਜਦ ਸੁਸਾਇਟੀ ਵੱਲੋਂ ਉਸ ਨੂੰ ਕੋਈ ਸਪਸ਼ਟੀਕਰਨ ਨਾ ਮਿਲਿਆ, (ਕਾਰਨ ਇਹ ਸੀ, ਕਿ ਥੋਮਸ ਯੰਗ ਨੇ ਰੌਸ਼ਨੀ ਬਾਰੇ ਜੋ ਆਪਣੇ ਵਿਚਾਰ ਪੇਸ਼ ਕੀਤੇ, ਉਹ ਰੌਸ਼ਨੀ ਦੇ ਕਣ ਰੂਪੀ ਵਿਵਹਾਰ ਦੇ ਬਿਲਕੁਲ ਉਲਟ ਸਨ) ਤਦ ਉਸਨੇ ਆਪਣੇ ਸਿਧਾਂਤ ਨੂੰ ਸਿੱਧ ਕਰਨ ਲਈ ਇੱਕ ਪ੍ਰਯੋਗ ਕੀਤਾ। ਜਿਸ ਨੂੰ ਅੰਗ੍ਰੇਜ਼ੀ ਵਿਚ ਯੰਗ ਡਬਲ ਸਲਿੱਟ ਐਕਸਪੈਰੀਮੈਂਟ ਕਿਹਾ ਜਾਂਦਾ ਹੈ।
ਇਸ ਪ੍ਰਯੋਗ ਵਿਚ ਉਸਨੇ ਇੱਕ ਰੌਸ਼ਨੀ ਦੀ ਤਰੰਗ ਨੂੰ ਇੱਕ ਸਲਿੱਟ ਉੱਪਰ ਪਾਇਆ। ਉਸ ਉੱਪਰ ਦੋ ਛੇਦ ਸਨ, ਅਤੇ ਇਹਨਾਂ ਦੀ ਮਦਦ ਨਾਲ ਰੌਸ਼ਨੀ ਦੀ ਇੱਕ ਵੇਵ ਨੂੰ ਦੋ ਵਖਰੀਆਂ ਤਰੰਗਾਂ (ਵੇਵਜ਼) ਵਿਚ ਵੰਡਿਆ, ਫਿਰ ਉਸਨੇ ਵੇਖਿਆ ਕਿ ਛੇਦ ਦੇ ਅੱਗੇ ਉਹ ਦੋਵੇਂ ਤਰੰਗਾਂ ਆਪਸ ਵਿਚ ਮਿਲ ਕੇ ਇਕ ਹੋ ਗਈਆਂ। ਫਿਰ ਉਸਨੇ ਇਸ ਦਖਲਅੰਦਾਜੀ ਨਾਲ ਬਣੀ (ਵੇਵ) ਤਰੰਗ ਦੇ ਪੜਾਅ ਵਿਚ ਆਈ ਤਬਦੀਲੀ ਬਾਰੇ ਦੱਸਿਆ। ਹੁਣ ਇਥੋਂ ਸਿੱਧ ਇਹ ਹੋਇਆ ਕਿ ਰੌਸ਼ਨੀ ਦੀਆਂ ਦੋ ਤਰੰਗਾਂ ਦੇ ਆਪਸ ਵਿਚ ਮਿਲਣ ਦੇ ਤੱਥ ਨੂੰ ਵੇਵ ਸਿਧਾਂਤ ਨਾਲ ਹੀ ਸਮਝਿਆ ਜਾ ਸਕਦਾ ਨਾ ਕਿ ਕਣ ਰੂਪੀ ਸਿਧਾਂਤ ਨਾਲ। ਇਸ ਪ੍ਰਜੋਗ ਸਦਕਾ ਰੌਸ਼ਨੀ ਦੇ ਵੇਵ ਸਿਧਾਂਤ ਦੀ ਸਥਾਪਨਾ ਹੋ ਗਈ। ਉਂਝ ਯੰਗ ਤੋਂ ਪਹਿਲਾਂ ਵੀ ਇਕ ਵਿਗਿਆਨੀ ਨੇ ਰੌਸ਼ਨੀ ਦੇ ਵੇਵ ਸਿਧਾਂਤ ਦਾ ਜ਼ਿਕਰ ਕੀਤਾ ਸੀ, ਪਰ ਉਹ ਸਾਬਿਤ ਨਹੀਂ ਸੀ ਕਰ ਸਕਿਆ।
ਇੱਥੇ ਇਹ ਦਸਣਾ ਵੀ ਲਾਜ਼ਮੀ ਹੋਏਗਾ, ਕਿ ਥੋਮਸ ਯੰਗ ਦੇ ਸਮੇਂ ਰੌਸ਼ਨੀ ਬਾਰੇ ਇਹ ਮਨੌਤ ਸੀ, ਕਿ ਰੌਸ਼ਨੀ ਨੂੰ ਜਾਂ ਤਾਂ ਵੇਵ ਰੂਪੀ ਸਿਧਾਂਤ ਨਾਲ ਸਮਝਿਆ ਜਾਵੇ, ਜਾ ਫਿਰ ਕਣ ਰੂਪੀ ਸਿਧਾਂਤ ਨਾਲ। ਪਰ ਭੌਤਿਕ ਵਿਗਿਆਨ ਦੇ ਹੋ ਰਹੇ ਵਿਕਾਸ ਸਦਕਾ ਇਹ ਸਿੱਧ ਕੀਤਾ ਗਿਆ, ਕਿ ਰੌਸ਼ਨੀ ਨੂੰ ਸਮਝਣ ਲਈ ਦੋਵੇਂ ਸਿਧਾਂਤ ਹੀ ਜਰੂਰੀ ਹਨ। ਕਿਤੇ ਸਾਨੂੰ ਕਣ ਰੂਪੀ ਸਿਧਾਂਤ ਦੀ ਲੋੜ ਹੈ ਅਤੇ ਕਿਤੇ ਵੇਵ (ਤਰੰਗ) ਰੂਪੀ ਸਿਧਾਂਤ ਦੀ।
ਯੰਗਸ ਮਾਡਲ ਆਫ ਇਲਾਸਟੀਸਿਟੀ--
ਥੋਮਸ ਯੰਗ ਨੇ ਪਦਾਰਥ ਉੱਤੇ ਇਕ ਸਿਧਾਂਤ ਪੇਸ਼ ਕੀਤਾ। ਜਿਸਨੂੰ ਕਿ ਮਕੈਨਿਕਲ ਇੰਜੀਨੀਅਰਿੰਗ ਵਿਚ ਪੜਾਇਆ ਜਾਂਦਾ ਹੈ। ਇੰਗਲਿਸ਼ ਵਿਚ ਇਸ ਨੂੰ ਯੰਗਸ ਮਾਡਲ ਆਫ ਇਲਾਸਟੀਸਿਟੀ ਕਹਿੰਦੇ ਹਨ।ਇਸ ਸਿਧਾਂਤ ਮੁਤਾਬਿਕ ਜਦ ਕੋਈ ਮਟੀਰੀਅਲ ਕਿਸੇ ਫੋਰਸ ਦੇ ਅਧੀਨ ਆਉਂਦਾ ਹੈ, ਤਦ ਉਸ ਵਿੱਚ ਤਣਾਅ ਪੈਦਾ ਹੁੰਦਾ। ਹੁਣ ਇਸ ਤਣਾਅ ਕਾਰਨ ਪੈਦਾ ਹੋਈ ਖਿੱਚ ਅਤੇ ਦਬਾਅ ਦੇ ਅਨੁਪਾਤ ਤੋਂ ਅਸੀਂ ਉਸ ਮਟੀਰੀਅਲ (ਪਦਾਰਥ) ਦੀ ਕਠੋਰਤਾ ਦਾ ਪਤਾ ਲਗਾ ਸਕਦੇ ਹਾਂ। ਇਹ ਥੋਮਸ ਯੰਗ ਵਲੋਂ ਕੀਤੀ ਬਹੁਤ ਹੀ ਮਹੱਤਵਪੂਰਨ ਖੋਜ ਹੈ।
ਥੋਮਸ ਯੰਗ ਦੀਆਂ ਪ੍ਰਾਪਤੀਆਂ ਅਤੇ ਉਸਦੀ ਮੌਤ--
38 ਸਾਲ ਦੀ ਉਮਰ ਵਿਚ ਉਸਨੂੰ ਲੰਡਨ ਦੇ ਸੇਂਟ ਜਾਰਜ ਵਿਚ ਡਾਕਟਰ ਵਜੋਂ ਨਿਯੁਕਤ ਕੀਤਾ ਗਿਆ। 1814 ਦੇ ਸਮੇਂ ਲੰਡਨ ਵਿਚ ਸਟਰੀਟ ਲਾਈਟਾਂ ਲਈ ਗੈਸ ਦੀ ਵਰਤੋਂ ਦੀ ਸ਼ੁਰੂਆਤ ਕੀਤੀ ਜਾ ਰਹੀ ਸੀ। ਇਸ ਤੋਂ ਹੋਣ ਵਾਲੇ ਖਤਰਿਆਂ ਬਾਰੇ ਜਾਣਨ ਲਈ ਇਕ ਕਮੇਟੀ ਬਣਾਈ ਗਈ। ਉਸ ਨੇ ਇਸ ਕਮੇਟੀ ਵਿਚ ਵੀ ਕੰਮ ਕੀਤਾ। 1827 ਵਿਚ ਉਸਨੂੰ ਫਰੈਂਚ ਅਕੈਡਮੀ ਆਫ ਸਾਇੰਸ ਦੇ ਵਿਦੇਸ਼ੀ ਮੈਂਬਰ ਵਜੋਂ ਵੀ ਚੁਣਿਆ ਗਿਆ।
10 ਮਈ 1829 ਵਿਚ ਇਸ ਮਹਾਨ ਵਿਗਿਆਨੀ ਦੀ ਮੌਤ ਹੋ ਗਈ ਸੀ।

0 Comments
ਕੀ ਤੁਹਾਡਾ ਕੋਈ ਸਵਾਲ ਹੈ? ਤੁਸੀਂ ਹੇਠਾਂ ਕੁਮੈਂਟ ਬਾਕਸ ਵਿੱਚ ਆਪਣਾ ਸਵਾਲ ਪੁੱਛ ਸਕਦੇ ਹੋ।
ਕੀ ਤੁਸੀਂ ਆਪਣਾ ਲੇਖ ਜੋ ਤੁਸੀਂ ਵਿਗਿਆਨ ਦੇ ਵਿਸ਼ੇ ਬਾਰੇ ਲਿਖਿਆ ਹੈ ਉਸ ਨੂੰ ਇਸ ਬਲੌਗ ਵਿਚ ਪ੍ਰਕਾਸ਼ਿਤ ਕਰਵਾਉਣਾ ਚਾਹੁੰਦੇ ਹੋ?, ਤੁਸੀਂ ਆਪਣਾ ਲੇਖ ਸਾਨੂੰ ਮੇਲ ਕਰ ਸਕਦੇ ਹੋ।
[email protected]