The unit of of electric current is named after which scientist? Let's learn in Punjabi

ਐਮਪੀਅਰ ਵੱਲੋਂ ਪਾਏ ਯੋਗਦਾਨ ਦੇ ਸਨਮਾਨ ਵਿਚ ਇਲੈਕਟ੍ਰਿਕ ਕਰੰਟ ਦੇ ਮਾਪ ਦੀ ਇਕਾਈ ਦਾ ਨਾਮ ਐਮਪੀਅਰ ਰੱਖਿਆ ਗਿਆ। ਐਮਪੀਅਰ ਦਾ ਨਾਂ ਪੈਰਿਸ ਵਿੱਚ ਬਣੇ ਆਈਫ਼ਲ ਟਾਵਰ ਉਤੇ ਲਿਖੇ 72 ਨਾਵਾਂ ਵਿਚੋਂ ਇਕ ਹੈ।

ਐਮਪੀਅਰ ਦਾ ਜਨਮ ਅਤੇ ਮੁੱਢਲੀ ਸਿੱਖਿਆ--

ਐਂਦਰੇ ਮੈਰੀ ਐਮਪੀਅਰ ਦਾ ਜਨਮ 20 ਜਨਵਰੀ 1775 ਈਸਵੀ ਨੂੰ ਫਰਾਂਸ ਦੇ ਤੀਜੇ ਸਭ ਤੋਂ ਵੱਡੇ ਸ਼ਹਿਰ ਲਿਓਨ ਵਿਚ ਹੋਇਆ ਸੀ। ਐਮਪੀਅਰ ਦੇ ਪਿਤਾ ਜੀਨ ਜੈਕ ਐਮਪੀਅਰ, ਰੂਸੋ ਦੇ ਸਿਧਾਂਤ ਦਾ ਪ੍ਰਸ਼ੰਸ਼ਕ ਸਨ। ਰੂਸੋ ਇਕ ਫਿਲਾਸ਼ਫ਼ਰ ਸੀ। ਉਸ ਦਾ ਮੰਨਣਾ ਸੀ, ਕਿ ਨੌਜਵਾਨ ਪੀੜ੍ਹੀ ਨੂੰ ਰਸਮੀ ਤੌਰ ਕਰਵਾਈ ਜਾ ਰਹੀ ਪੜ੍ਹਾਈ ਦੀ ਬਜਾਏ ਸਿੱਧਾ ਕੁਦਰਤ ਕੋਲੋਂ ਸਿੱਖਣਾ ਚਾਹੀਦਾ ਹੈ।  ਰੂਸੋ ਦਾ ਇਹ ਸਿਧਾਂਤ ਐਮਪੀਅਰ ਦੀ ਮੁੱਢਲੀ ਸਿੱਖਿਆ ਦਾ ਅਧਾਰ ਬਣਿਆ ਗਿਆ।

ਐਮਪੀਅਰ ਨੇ ਇਸ ਸਿਧਾਂਤ ਨੂੰ ਯਾਨੀਕਿ ਖੁਦ ਸਿੱਖਦੇ ਰਹਿਣ ਦੇ ਆਦਰਸ਼ ਨੂੰ ਸਮਝਿਆ। ਅਕਸਰ ਉਹ ਆਪਣੇ ਪਿਤਾ ਦੀ ਲਾਇਬ੍ਰੇਰੀ ਵਿੱਚ ਜਾ ਕੇ ਕਿਤਾਬਾਂ ਪੜ੍ਹਿਆ ਕਰਦਾ ਸੀ। 12 ਸਾਲ ਦੀ ਉਮਰ ਵਿੱਚ ਐਮਪੀਅਰ ਨੇ ਐਡਵਾਂਸ ਮੈਥੇਮੈਟਿਕਸ ਪੜ੍ਹਨਾ ਸ਼ੁਰੂ ਕਰ ਦਿੱਤਾ ਸੀ। ਉਸਨੇ ਲਿਉਨਾਰਦ ਯੂਲਰ ਅਤੇ ਡੈਨੀਅਲ ਬਰਨੁਲੀ ਦੇ ਗਣਿਤਕ ਸਿਧਾਂਤਾ ਨੂੰ ਪੜ੍ਹਿਆ।

ਪਿਤਾ ਅਤੇ ਪਤਨੀ ਦੀ ਮੌਤ ਤੋਂ ਬਾਅਦ ਵੀ ਵਿਗਿਆਨਿਕ ਖੋਜਾਂ ਨੂੰ ਜਾਰੀ ਰੱਖਣਾ--

ਫਰੈਂਚ ਇਨਕਲਾਬ ਦੇ ਸਮੇਂ ਦੌਰਾਨ ਐਮਪੀਅਰ ਦੇ ਪਿਤਾ ਨੂੰ ਸਰਕਾਰ ਵੱਲੋਂ ਸਮਾਜ ਸੇਵਾ ਵਿੱਚ ਬੁਲਾਇਆ ਗਿਆ। 1792 ਵਿਚ ਇਕ ਜੈਕਬਿਨ ਨਾਂ ਦੇ ਇਨਕਲਾਬੀ ਧੜੇ ਨੇ ਸਰਕਾਰ ਦਾ ਕੰਟਰੋਲ ਆਪਣੇ ਕਬਜ਼ੇ ਹੇਠ ਕਰ ਲਿਆ ਸੀ। ਐਮਪੀਅਰ ਦੇ ਪਿਤਾ ਨੇ ਨਵੀਆਂ ਰਾਜਨੀਤਿਕ ਲਹਿਰਾਂ ਦਾ ਡਟ ਕੇ ਵਿਰੋਧ ਕੀਤਾ। ਜਿਸ ਕਰਕੇ ਉਸ ਨੂੰ 24 ਨਵੰਬਰ 1793 ਨੂੰ ਸਿਰ ਕਲਮ ਕਰ ਕੇ ਮਾਰ ਦਿੱਤਾ ਗਿਆ।

1799 ਵਿਚ ਐਮਪੀਅਰ ਦਾ ਵਿਆਹ ਹੋਇਆ ਅਤੇ ਇਸੇ ਸਾਲ ਉਸਨੂੰ ਪਹਿਲੀ ਨਿਯਮਤ ਤੌਰ ਤੇ ਗਣਿਤ ਦੇ ਅਧਿਆਪਕ ਦੀ ਨੌਕਰੀ ਮਿਲ ਗਈ। ਕਾਫ਼ੀ ਸਮੇਂ ਤੱਕ ਉਸਨੇ ਇਹ ਨੌਕਰੀ ਕੀਤੀ। 1802 ਵਿਚ ਉਸ ਨੂੰ 'ਬੋਰਗ ਏਨ ਬ੍ਰੈਸ' (ਬੋਰਗ ਏਨ ਬ੍ਰੈਸ ਫਰਾਂਸ ਵਿਚ ਸਥਿੱਤ ਇਕ ਇਮਾਰਤ ਦਾ ਨਾਮ ਹੈ, ਜਿੱਥੇ ਵੱਖ-ਵੱਖ ਵਿਭਾਗਾਂ ਦੇ ਆਰਥਿਕ ਵਿਕਾਸ ਬਾਰੇ ਜਾਣਿਆ ਜਾਂਦਾ ਹੈ) ਵਿਚ ਭੌਤਿਕ ਅਤੇ ਰਸਾਇਣ ਵਿਗਿਆਨ ਦਾ ਪ੍ਰੋਫ਼ੈਸਰ ਨਿਯੁਕਤ ਕੀਤਾ ਗਿਆ।

1803 ਵਿਚ ਉਸ ਦੀ ਪਤਨੀ ਦੀ ਵੀ ਮੌਤ ਹੋ ਗਈ। ਉਹ ਰੂਸੋ ਦੇ ਹਰ ਸਮੇਂ ਸਿੱਖਦੇ ਰਹਿਣ ਦੇ ਸਿਧਾਂਤ ਤੋਂ ਐਨਾ ਪ੍ਰਭਾਵਿਤ ਸੀ, ਕਿ ਉਹ ਆਪਣੇ ਪਿਤਾ ਅਤੇ ਪਤਨੀ ਦੇ ਮਰ ਜਾਣ ਦੇ ਦੁੱਖ ਦੇ ਸਮੇਂ ਵਿਚ ਵੀ ਡਟ ਕੇ ਜਿੰਦਗੀ ਦੇ ਔਖੇ ਸਫਰ ਨੂੰ ਮਾਣਦਾ ਰਿਹਾ। ਉਸ ਨੇ ਆਪਣੀਆਂ ਵਿਗਿਆਨਿਕ ਖੋਜਾਂ ਨੂੰ ਉਸੇ ਤਰ੍ਹਾਂ ਜਾਰੀ ਰੱਖਿਆ।

ਪੋਲੀਟੈਕਨੀਕਲ ਕਾਲਜ ਵਿੱਚ ਅਧਿਆਪਕ ਵਜੋਂ ਸੇਵਾ ਨਿਭਾਉਣੀ--

1803 ਵਿਚ ਉਹ ਪੈਰਿਸ ਆਇਆ। ਅਤੇ ਇੱਥੇ ਇਕ ਪੋਲੀਟੈਕਨੀਕਲ ਕਾਲਜ ਵਿੱਚ ਅਧਿਆਪਕ ਦੀ ਸੇਵਾ ਨਿਭਾਉਣ ਲੱਗਾ। ਇੱਥੇ ਇੱਕ ਗੱਲ ਜ਼ਿਕਰਜੋਗ ਹੋਵੇਗੀ, ਕਿ ਉਸ ਸਮੇਂ ਦੇ ਸਕੂਲ ਕਾਲਜ ਐਮਪੀਅਰ ਦੇ ਦਿੱਤੇ ਵਿਗਿਆਨਿਕ ਤੱਥਾਂ ਤੋਂ ਇੰਨੇ ਜਾਣੂ ਸਨ, ਕਿ ਉਹ ਐਮਪੀਅਰ ਦੀ ਰਸਮੀ ਯੋਗਤਾ ਦੀ ਘਾਟ ਦੇ ਬਾਵਜੂਦ ਉਸ ਨੂੰ ਕਦੇ ਸਕੂਲ ਵਿੱਚ ਅਧਿਆਪਕ, ਕਦੇ ਕਾਲਜ ਵਿੱਚ ਪ੍ਰੋਫ਼ੈਸਰ ਨਿਯੁਕਤ ਕਰ ਦਿੰਦੇ ਸਨ। 

ਇੱਕ ਗੱਲ ਹੋਰ ਵਿਚਾਰਨ ਵਾਲੀ ਹੈ, ਕਿ ਜਰੂਰੀ ਨਹੀਂ ਕਿ ਤੁਹਾਡੀ ਯੋਗਤਾ ਤੁਹਾਡੇ ਸਰਟੀਫਿਕੇਟ ਦੇਖ ਕੇ ਹੀ ਪਤਾ ਲੱਗੇ। ਤੁਹਾਡੀ ਯੋਗਤਾ ਤੁਹਾਡੇ ਕੀਤੇ ਕੰਮਾਂ ਵਿਚੋਂ ਦਿਸਣੀ ਚਾਹੀਦੀ ਹੈ। ਐਮਪੀਅਰ ਦੀ ਯੋਗਤਾ ਨੂੰ ਵੇਖ ਕੇ ਹੀ 1819 ਵਿਚ ਉਸ ਨੂੰ ਯੂਨੀਵਰਸਿਟੀ ਆਫ ਪੈਰਿਸ ਵਿੱਚ ਖਗੋਲ ਵਿਗਿਆਨ ਦੇ ਵਿਸ਼ੇ ਉਪਰ ਕੋਰਸ ਕਰਨ ਲਈ ਆਫਰ ਲੈਟਰ ਮਿਲਿਆ।

ਇਲੈਕਟ੍ਰੋ ਡਾਇਨਾਮਿਕਸ ਬਾਰੇ ਖੋਜਣਾ--

ਕਈ ਸਾਲ ਤਕ ਉਹ ਅਕਾਦਮੀ ਲਈ ਆਪਣੀ ਚੋਣ ਦੇ ਮਿੱਥੇ ਟੀਚੇ ਵਿਚ ਰੁੱਝਿਆ ਰਿਹਾ। ਗਣਿਤ ਵਿਗਿਆਨ ਦੇ ਨਾਲ ਨਾਲ ਉਹ ਰਸਾਇਣ ਅਤੇ ਖਗੋਲ ਵਿਗਿਆਨ ਵਿਸ਼ੇ ਵੀ ਪੜਦਾ ਰਿਹਾ। 1820 ਵਿਚ ਐਮਪੀਅਰ ਦੇ ਇੱਕ ਦੋਸਤ ਨੇ ਓਰੈਸਟਡ ਨਾਂ ਦੇ ਇਕ ਮਹਾਨ ਭੌਤਿਕ ਅਤੇ ਰਸਾਇਣ ਵਿਗਿਆਨੀ ਦੀ ਖੋਜ ਬਾਰੇ ਉਸ ਨੂੰ ਦੱਸਿਆ। 

ਓਰੈਸਟਡ ਨੇ ਇਹ ਖੋਜ ਕੀਤੀ ਸੀ, ਕਿ ਇਲੈਕਟ੍ਰਿਕ ਕਰੰਟ ਦਾ ਚੁੰਬਕ ਨਾਲ ਗੂੜ੍ਹਾ ਸਬੰਧ ਹੈ। ਐਮਪੀਅਰ ਨੇ ਇਸ ਵਿਗਿਆਨਿਕ ਖੋਜ ਵਿਚ ਬਹੁਤ ਦਿਲਚਸਪੀ ਦਿਖਾਈ। ਉਹ ਬਿਜਲੀ ਅਤੇ ਚੁੰਬਕ ਦੇ ਆਪਸੀ ਸਬੰਧਾਂ ਨੂੰ ਸਮਝਣ ਲਈ ਗਣਿਤਕ ਸਿਧਾਂਤ ਦੀ ਖੋਜ ਵਿਚ ਜੁੱਟ ਗਿਆ।

ਉਸਨੇ ਆਪਣੀ ਖੋਜ ਵਿਚ ਦੱਸਿਆ ਕਿ, ਦੋ ਤਾਰਾਂ ਜਿਨ੍ਹਾਂ ਵਿਚੋਂ ਇਲੈਕਟ੍ਰਿਕ ਕਰੰਟ ਲੰਘ ਰਿਹਾ ਹੋਵੇ, ਉਹ ਇਕ ਦੂਜੇ ਨੂੰ ਆਕਰਸ਼ਿਤ ਕਰਨਗੀਆਂ ਜਾਂ ਫਿਰ ਇਕ ਦੂਜੇ ਤੋਂ ਪਿਛਾਂਹ ਵੱਲ ਮੁੜ ਜਾਣਗੀਆਂ। ਇਨ੍ਹਾਂ ਦੇ ਆਕਰਸ਼ਿਤ ਅਤੇ ਪਿਛਾਂਹ ਹਟਣ ਦੀ ਕਿਰਿਆ ਇਲੈਕਟ੍ਰਿਕ ਕਰੰਟ ਦੀ ਇੱਕੋ ਜਾਂ ਉਲਟ ਦਿਸ਼ਾ ਤੇ ਨਿਰਭਰ ਕਰਦੀ ਹੈ। ਐਮਪੀਅਰ ਦੀ ਇਸ ਖੋਜ ਤੋਂ ਹੀ ਇਲੈਕਟ੍ਰੋ ਡਾਇਨਾਮਿਕਸ ਦੀ ਨੀਂਹ ਰੱਖੀ ਗਈ। ਜਿਸਨੂੰ ਬਾਅਦ ਵਿੱਚ ਇਲੈਕਟ੍ਰੋ ਮੈਗਨੇਟਿਜ਼ਮ ਦੇ ਨਾਂ ਨਾਲ ਜਾਣਿਆ ਜਾਣ ਲੱਗਾ।

ਇਹਨਾਂ ਨਤੀਜਿਆਂ ਨੂੰ ਸਧਾਰਨ ਕਰਨ ਲਈ ਉਸਨੇ ਗਣਿਤਕ ਸਿਧਾਂਤ ਵੀ ਲਾਗੂ ਕੀਤੇ। ਜਿਨ੍ਹਾਂ ਵਿਚੋਂ ਸਭ ਤੋਂ ਮਹੱਤਵਪੂਰਨ ਸਿਧਾਂਤ ਐਮਪੀਅਰਜ਼ ਫੋਰਸ ਲਾਅ ਨੂੰ ਕਿਹਾ ਜਾਂਦਾ ਹੈ। ਐਮਪੀਅਰ ਦੇ ਇਸ ਲਾਅ ਮੁਤਾਬਿਕ ਦੋ ਅਜਿਹੀਆਂ ਤਾਰਾਂ ਜਿਨ੍ਹਾਂ ਵਿਚੋਂ ਇਲੈਕਟ੍ਰਿਕ ਕਰੰਟ ਲੰਘ ਰਿਹਾ ਹੋਵੇ, ਉਹਨਾਂ ਦੀ ਆਪਸੀ ਕਰਵਾਈ ਜਿਸ ਵਿੱਚ ਉਹ ਇਕ ਦੂਜੇ ਨੂੰ ਆਕਰਸ਼ਿਤ ਜਾਂ ਫਿਰ ਇਕ ਦੂਜੇ ਤੋਂ ਪਿਛਾਂਹ ਵੱਲ ਹਟਦੀਆਂ ਹਨ, ਉਹ ਤਾਰਾਂ ਦੀ ਲੰਬਾਈ ਅਤੇ ਲੰਘ ਰਹੇ ਇਲੈਕਟ੍ਰਿਕ ਕਰੰਟ ਦੀ ਮਾਤਰਾ ਤੇ ਨਿਰਭਰ ਕਰਦੀ ਹੈ।

ਰਾਇਲ ਸੁਸਾਇਟੀ ਦਾ ਵਿਦੇਸ਼ੀ ਮੈਂਬਰ ਚੁਣਿਆ ਜਾਣਾ ਅਤੇ ਅੰਤਲਾ ਸਮਾਂ--

1827 ਵਿਚ ਐਮਪੀਅਰ ਨੂੰ ਰਾਇਲ ਸੁਸਾਇਟੀ ਦਾ ਵਿਦੇਸ਼ੀ ਮੈਂਬਰ ਚੁਣਿਆ ਗਿਆ। 10 ਜੂਨ 1836 ਨੂੰ ਐਮਪੀਅਰ ਦਾ ਦਿਹਾਂਤ ਹੋ ਗਿਆ ਸੀ। 

ਐਮਪੀਅਰ ਦੀ ਮੌਤ ਤੋਂ ਤਕਰੀਬਨ 45 ਸਾਲ ਬਾਅਦ ਇਕ 'ਇੰਟਰਨੈਸ਼ਨਲ ਐਕਸ ਪੋਜ਼ਿਸਨ' ਨਾਂ ਦੀ ਸੰਸਥਾ ਹੋਂਦ ਵਿੱਚ ਆਈ। ਇੱਥੇ ਹੋਏ ਅੰਤਰਰਾਸ਼ਟਰੀ ਸੰਮੇਲਨ ਵੱਲੋਂ ਆਧੁਨਿਕ ਇਲੈਕਟ੍ਰਿਕ ਵਿਗਿਆਨ ਵਿਚ ਐਮਪੀਅਰ ਵੱਲੋਂ ਪਾਏ ਯੋਗਦਾਨ ਦੇ ਸਨਮਾਨ ਵਿਚ ਇਲੈਕਟ੍ਰਿਕ ਕਰੰਟ ਦੇ ਮਾਪ ਦੀ ਇਕਾਈ ਦਾ ਨਾਮ ਐਮਪੀਅਰ ਰੱਖਿਆ ਗਿਆ। ਐਮਪੀਅਰ ਦਾ ਨਾਂ ਪੈਰਿਸ ਵਿੱਚ ਬਣੇ ਆਈਫ਼ਲ ਟਾਵਰ ਉਤੇ ਲਿਖੇ 72 ਨਾਵਾਂ ਵਿਚੋਂ ਇਕ ਹੈ।


Post a comment

0 Comments