Who discovered the true scientific fact of engine? Let's learn in Punjabi

ਲਿਉਨਾਰਦ ਸਾਦੀ ਕਾਰਨੋਟ ਫ੍ਰੈਂਚ ਆਰਮੀ ਵਿੱਚ ਮਕੈਨੀਕਲ ਇੰਜੀਨੀਅਰ ਸੀ। ਉਸ ਨੂੰ ਥਰਮੋਡਾਇਨਾਮਿਕਸ ਦਾ ਪਿਤਾਮਾ ਕਿਹਾ ਜਾਂਦਾ ਹੈ।

ਲਿਉਨਾਰਦ ਸਾਦੀ ਕਾਰਨੋਟ ਦਾ ਜਨਮ ਅਤੇ ਇਸਦੀ ਮੁੱਢਲੀ ਸਿੱਖਿਆ--

ਲਿਉਨਾਰਦ ਸਾਦੀ ਕਾਰਨੋਟ ਦਾ ਜਨਮ 1 ਜੂਨ 1796 ਨੂੰ ਫਰਾਂਸ ਦੇ ਸ਼ਹਿਰ ਪੈਰਿਸ ਵਿੱਚ ਇੱਕ ਰਾਜਨੀਤਿਕ ਪਰਿਵਾਰ ਵਿਚ ਹੋਇਆ। ਇਸ ਪਰਿਵਾਰ ਦਾ ਰਾਜਨੀਤੀ ਦੇ ਨਾਲ ਨਾਲ ਵਿਗਿਆਨ ਵਿੱਚ ਵੀ ਸੰਬੰਧ ਸੀ। ਉਸ ਦਾ ਪਿਤਾ ਲੈਜ਼ਰ ਕਾਰਨੋਟ ਇਕ ਪ੍ਰਸਿੱਧ ਗਣਿਤ ਸਾਸ਼ਤਰੀ, ਇੰਜੀਨੀਅਰ ਅਤੇ ਫਰਾਂਸ ਦੀ ਆਰਮੀ ਦਾ ਨੇਤਾ ਵੀ ਰਿਹਾ।

16 ਸਾਲ ਦੀ ਉਮਰ ਵਿਚ ਉਹ ਪੈਰਿਸ ਦੇ ਇੱਕ ਪੋਲੀਟੈਕਨੀਕਲ ਇੰਸਟੀਚਿਊਟ ਆਰਮੀ ਸਕੂਲ ਵਿੱਚ ਦਾਖਲ ਹੋਇਆ। ਇੱਥੇ ਵਿਦਿਆਰਥੀਆਂ ਨੂੰ ਆਰਮੀ ਵਿਚ ਭਰਤੀ ਹੋਣ ਲਈ ਟਰੇਨਿੰਗ ਦਿੱਤੀ ਜਾਂਦੀ ਸੀ। 1814 ਵਿਚ ਉਸਨੇ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ।

ਫਰੈਂਚ ਫੌਜ ਦੇ ਇੰਜੀਨੀਅਰਾਂ ਦੀ ਕੋਰ ਵਿਚ ਭਰਤੀ ਹੋਣਾ--

ਗ੍ਰੈਜੂਏਸ਼ਨ ਪੂਰੀ ਹੋਣ ਤੋਂ ਬਾਅਦ ਉਸ ਨੂੰ ਫਰੈਂਚ ਫੌਜ ਦੇ ਇੰਜੀਨੀਅਰਾਂ ਦੀ ਕੋਰ ਵਿਚ ਭਰਤੀ ਕਰ ਲਿਆ ਗਿਆ। 18 ਕੁ ਸਾਲ ਦੀ ਉਮਰ ਵਿਚ ਉਹ ਫਰਾਂਸ ਅਤੇ ਬ੍ਰਿਟੇਨ ਦੇ ਵਿਚਕਾਰ ਹੋ ਰਹੀ ਆਖਰੀ ਜੰਗ ਵਿਚ ਫਰਾਂਸ ਦੀ ਤਰਫ਼ ਤੋਂ ਲੜ੍ਹਿਆ ਸੀ। 

1815 ਵਿਚ ਨੈਪੋਲੀਅਨ ਆਪਣੀ ਹਾਰ ਬਰਦਾਸ਼ਤ ਨਾ ਕਰ ਸਕਿਆ। ਤੇ ਉਸਨੇ ਆਪਣੀ ਫੌਜ ਦੀ ਅਗਵਾਈ ਕਰ ਰਹੇ ਲੈਜ਼ਰ ਕਾਰਨੋਟ ਨੂੰ ਦੇਸ਼ ਨਿਕਾਲੇ ਲਈ ਮਜ਼ਬੂਰ ਕੀਤਾ। 

ਸਾਦੀ ਕਾਰਨੋਟ ਨੂੰ ਲੈਜ਼ਰ ਕਾਰਨੋਟ ਦਾ ਪੁੱਤਰ ਹੋਣ ਕਰਕੇ ਤੰਗ ਕੀਤਾ ਜਾਂਦਾ ਸੀ। ਉਸਨੂੰ ਵੱਖ ਵੱਖ ਥਾਵਾਂ ਤੇ ਤਾਇਨਾਤ ਕੀਤਾ ਗਿਆ। ਆਪਣੀ ਜ਼ਿੰਮੇਵਾਰੀ ਨੂੰ ਨਿਭਾਉਂਦਿਆਂ ਸਾਦੀ ਕਾਰਨੋਟ ਵਿਰੋਧੀ ਤਾਕਤਾਂ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਇਕੱਠੀ ਕਰ ਕੇ ਦਿੰਦਾ ਪਰ ਹਰ ਵਾਰ ਉਸ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਜਾਂਦਾ।

ਸਾਦੀ ਕਾਰਨੋਟ ਇਸ ਸੋਚ ਵਿਚ ਸੀ, ਕਿ ਬ੍ਰਿਟੇਨ ਤੋਂ ਹੋਈ ਹਾਰ ਦੀ ਅਸਲ ਵਜ੍ਹਾ ਕੀ ਹੈ? ਅਤੇ ਉਹ ਇਹ ਵੀ ਜਾਣਦਾ ਸੀ, ਕਿ ਫਰੈਂਚ ਇੰਜੀਨੀਅਰ ਭਾਫ਼ ਇੰਜਣ ਦੀ ਯੋਗਤਾ ਨੂੰ ਅਸਲ ਤਰੀਕੇ ਨਾਲ ਸਮਝ ਨੀ ਪਾ ਰਹੇ। 

ਇਸ ਤੋਂ ਬਾਅਦ ਉਹ ਭਾਫ਼ ਇੰਜਣ ਦੇ ਅਸਲ ਨੁਕਤੇ ਦੀ ਖੋਜ ਵਿਚ ਜੁੱਟ ਗਿਆ। ਹਾਲਾਂਕਿ ਇਥੇ ਇਹ ਦੱਸਣਾ ਜਰੂਰੀ ਹੋਵੇਗਾ, ਕਿ ਭਾਫ਼ ਇੰਜਣ ਨੂੰ ਸਾਦੀ ਕਾਰਨੋਟ ਤੋਂ ਤਕਰੀਬਨ 100 ਸਾਲ ਪਹਿਲਾਂ ਤੋਂ ਹੀ ਵਰਤਿਆ ਜਾ ਰਿਹਾ ਸੀ। ਪਰ ਇਸ ਦੀ ਯੋਗਤਾ ਕਿਸ ਨੁਕਤੇ ਤੇ ਕੰਮ ਕਰ ਰਹੀ ਹੈ, ਉਸ ਬਾਰੇ ਅਧਿਐਨ ਕਰਨ ਲਈ ਕੋਈ ਵਿਗਿਆਨਿਕ ਤੱਥ ਨਹੀਂ ਸੀ।

27 ਸਾਲ ਦੀ ਉਮਰ ਵਿੱਚ ਕ੍ਰਾਂਤੀਕਾਰੀ ਖੋਜ ਕਰਨੀ--

ਸਾਦੀ ਕਾਰਨੋਟ ਇਸ ਸਵਾਲ ਦੀ ਖੋਜ ਵਿਚ ਸੀ, ਕੀ ਗਰਮੀ ਦੀ ਊਰਜਾ ਸ਼ਕਤੀ ਨੂੰ ਕਿਸੇ ਤਰਲ ਪਦਾਰਥ ਨਾਲ ਮਿਲਾ ਕੇ ਤਾਪ ਇੰਜਣ ਨੂੰ ਵਧੇਰੇ ਹੋਰ ਕਾਮਯਾਬ ਬਣਾਇਆ ਜਾ ਸਕਦਾ ਹੈ? ਉਸਨੇ ਇਨ੍ਹਾਂ ਸਵਾਲਾਂ ਦੇ ਜਵਾਬ ਲੱਭੇ। ਅਤੇ 27 ਸਾਲ ਦੀ ਉਮਰ ਵਿੱਚ ਇਕ ਕਿਤਾਬ ਪ੍ਰਕਾਸ਼ਿਤ ਕਰਵਾਈ। 

ਜਦ ਕਾਰਨੋਟ ਆਪਣੀ ਇਸ ਕਿਤਾਬ ਨੂੰ ਪੂਰਾ ਕਰਨ ਵਿੱਚ ਲੱਗਾ ਹੋਇਆ ਸੀ। ਉਸ ਸਮੇਂ ਭਾਫ ਇੰਜਣ ਨੇ ਆਰਥਿਕ ਅਤੇ ਉਦਯੋਗਿਕ ਮਾਨਤਾ ਪ੍ਰਾਪਤ ਕਰ ਲਈ ਸੀ। ਥੋਮਸ ਨਿਊਕਮਨ ਪਹਿਲਾ ਉਹ ਵਿਗਿਆਨੀ ਹੈ, ਜਿਸ ਨੂੰ ਭਾਫ਼ ਇੰਜਣ ਦੀ ਖੋਜ ਦਾ ਮੋਢੀ ਕਿਹਾ ਜਾਂਦਾ ਹੈ। ਫਿਰ ਇਸ ਤੋਂ 50 ਸਾਲ ਬਾਅਦ ਜੇਮਸ ਵੱਟ ਨਾਂ ਦੇ ਵਿਗਿਆਨੀ ਨੇ ਆਪਣੇ ਤਰੀਕੇ ਨਾਲ ਭਾਫ਼ ਇੰਜਣਾਂ ਦੀ ਯੋਗਤਾ ਵਿਚ ਵਿੱਚ ਹੋਰ ਵਾਧਾ ਕੀਤਾ। 

ਤੇ ਸਾਦੀ ਕਾਰਨੋਟ ਪਹਿਲਾ ਉਹ ਵਿਗਿਆਨੀ ਹੋਇਆ ਜਿਸ ਨੇ ਆਪਣੀ ਕਿਤਾਬ ਪ੍ਰਕਾਸ਼ਿਤ ਕਰਵਾ ਕੇ ਇੰਜਣ ਵਿਚ ਹੋ ਰਹੀਆਂ ਗਤਵਿਧੀਆਂ ਨੂੰ ਦਰਸਾਇਆ। ਇੱਥੇ ਇਹ ਵੀ ਜ਼ਿਕਰਯੋਗ ਹੋਵੇਗਾ, ਕਿ ਸਾਦੀ ਕਾਰਨੋਟ ਨੇ ਜੋ ਮਨੌਤ ਸਾਹਮਣੇ ਰੱਖੀ ਸੀ, ਕਿ ਤਾਪ ਊਰਜਾ ਕਨਜ਼ਰਵ ਹੋ ਜਾਂਦੀ ਆ, ਉਹ ਸਹੀ ਨੀ ਸੀ। ਤਾਪ ਨੂੰ ਕੰਮ ਵਿਚ ਬਦਲਿਆ ਜਾ ਸਕਦਾ ਪਰ ਇਸ ਨੂੰ ਖਤਮ ਨਹੀਂ ਕੀਤਾ ਜਾ ਸਕਦਾ। (ਇਹ ਤੱਥ ਵਿਗਿਆਨ ਦੇ ਲਾਅ ਆਫ ਕੰਜ਼ਰਵੇਸ਼ਨ ਆਫ ਐਨਰਜੀ ਦੇ ਨਿਰਭਰ ਹੈ)।

ਪਰ ਉਹ ਜਿਸ ਨਤੀਜੇ ਤੇ ਪਹੁੰਚਿਆ ਸੀ, ਉਹ ਬਿਲਕੁਲ ਠੀਕ ਸੀ। ਉਸਨੇ ਕਿਹਾ ਕਿ ਤਾਪ ਇੰਜਣ ਦੀ ਯੋਗਤਾ ਦੋ ਵੱਖ ਵੱਖ ਤਰ੍ਹਾਂ ਦੇ ਤਾਪਮਾਨ ਦੇ ਵਿਚਲੇ ਅੰਤਰ ਤੇ ਹੀ ਨਿਰਭਰ ਕਰਦੀ ਹੈ। ਕੋਈ ਵੀ ਇੰਜਣ ਚਾਹੇ ਕਿੰਨਾ ਵੀ ਗੁੰਝਲਦਾਰ ਹੋਵੇ, ਉਸ ਦੀ ਯੋਗਤਾ ਹਮੇਸ਼ਾ ਇਸ ਅੰਤਰ (t2-t1) ਤੇ ਹੀ ਨਿਰਭਰ ਕਰੇਗੀ।

38 ਸਾਲ ਦੀ ਉਮਰ ਵਿਚ ਮਰ ਜਾਣਾ--

ਸਾਦੀ ਕਾਰਨੋਟ ਦੀ ਕਿਤਾਬ 1824 ਵਿਚ ਪ੍ਰਕਾਸ਼ਿਤ ਹੋਈ। ਉਸਦੇ ਜੀਵਨ ਕਾਲ ਦੌਰਾਨ ਉਸ ਦੀ ਇਸ ਵਿਗਿਆਨਿਕ ਕ੍ਰਾਂਤੀ ਨੂੰ ਇਨ੍ਹਾਂ ਉਤਸ਼ਾਹ ਨਹੀਂ ਮਿਲਿਆ। ਪਰ ਉਸ ਦੀ ਮੌਤ ਤੋਂ ਬਾਅਦ ਇਹ ਕਿਤਾਬ ਖੂਬ ਪ੍ਰਸਿੱਧ ਹੋਈ। ਅਤੇ ਇਸ ਕਿਤਾਬ ਨੂੰ ਪ੍ਰਸਿੱਧ ਵਿਗਿਆਨੀ ਰੁਡਾਲਫ਼ ਕਲੌਸ਼ਿਜ਼ ਅਤੇ ਲਾਰਡ ਕੈਲਵਿਨ ਨੇ ਵੀ ਪੜ੍ਹਿਆ ਅਤੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ। 24 ਅਗਸਤ, 1832 ਨੂੰ ਸਾਦੀ ਕਾਰਨੋਟ ਦੀ ਹੈਜ਼ੇ ਦੀ ਭਿਆਨਕ ਬਿਮਾਰੀ ਨਾਲ ਪੀੜਤ ਹੋਣ ਕਰਕੇ ਮੌਤ ਹੋ ਗਈ।


Post a comment

0 Comments