Learn about Avtar Singh Pantal, a Punjabi scientist from India in punjabi


ਰਾਇਲ ਸੁਸਾਇਟੀ, ਲੰਡਨ ਦੇ ਮੈਂਬਰ ਵਜੋਂ ਚੁਣੇ ਗਏ ਭਾਰਤ ਦੇ ਪੰਜਾਬੀ ਵਿਗਿਆਨੀ ਅਵਤਾਰ ਸਿੰਘ ਪੈਂਤਲ ਨੂੰ ਵੱਖੋ ਵੱਖਰੇ ਸਟਰੈੱਚ ਰਿਸੈਪਟਰਾਂ ਦੇ ਖੋਜੀ ਹੋਣ ਦਾ ਮਾਣ ਪ੍ਰਾਪਤ ਹੈ। 

ਪ੍ਰੋਫ਼ੈਸਰ ਅਵਤਾਰ ਸਿੰਘ ਪੈਂਤਲ ਦਾ ਜਨਮ ਅਤੇ ਕਿਸ ਤਰਾਂ ਉਨਾਂ ਦੇ ਪਿਤਾ ਮਿਆਂਮਾਰ ਦੇ ਮੋਗੋਕ ਸ਼ਹਿਰ ਵਿਚ ਗਏ----

ਪ੍ਰੋਫ਼ੈਸਰ ਅਵਤਾਰ ਸਿੰਘ ਪੈਂਤਲ ਦਾ ਜਨਮ 24 ਸਤੰਬਰ, 1925 ਨੂੰ ਮਿਆਂਮਾਰ ਦੇ ਕਸਬੇ ਮੋਗੋਕ, (ਬਰਮਾ) ਵਿਚ ਹੋਇਆ। ਉਸ ਸਮੇਂ ਪੈਂਤਲ ਦੇ ਪਿਤਾ ਮਾਨ ਸਿੰਘ ਬ੍ਰਿਟਿਸ਼ ਸਰਕਾਰ ਵਿਚ ਇਕ ਡਾਕਟਰ ਦੇ ਪੇਸ਼ੇ ਵਜੋਂ ਨੌਕਰੀ ਕਰਦੇ ਸਨ। 1903 ਵਿੱਚ ਪਲੇਗ ਦੀ ਭਿਆਨਕ ਬਿਮਾਰੀ ਕਾਰਨ ਮਾਨ ਸਿੰਘ ਦਾ ਸਾਰਾ ਪਰਿਵਾਰ ਇਸ ਬਿਮਾਰੀ ਦੀ ਭੇਂਟ ਚੜ੍ਹ ਗਿਆ ਸੀ। ਮਾਨ ਸਿੰਘ ਦੇ ਚਾਚੇ, ਡਾਕਟਰ ਸੁੰਦਰ ਸਿੰਘ ਨੇ ਇਸ ਦੀ ਪਾਲਣਾ ਕੀਤੀ। ਅਤੇ ਮਾਨ ਸਿੰਘ ਨੂੰ ਆਪਣੇ ਨਾਲ ਮਿਆਂਮਾਰ ਲੈ ਗਿਆ। ਇੱਥੇ ਹੀ ਆਪਣੀ ਮੁੱਡਲੀ ਪੜ੍ਹਾਈ ਕਰਨ ਤੋਂ ਬਾਅਦ, ਮਾਨ ਸਿੰਘ ਨੇ ਮਿਆਂਮਾਰ ਦੇ ਰੰਗੂਨ ਮੈਡੀਕਲ ਕਾਲਜ ਤੋਂ ਮੈਡੀਕਲ ਦੀ ਡਿਗਰੀ ਹਾਸਲ ਕੀਤੀ।


ਅਵਤਾਰ ਸਿੰਘ ਪੈਂਤਲ ਦੀ ਮੁੱਡਲੀ ਅਤੇ ਉਚੇਰੀ ਪੜ੍ਹਾਈ ਬਾਰੇ ਜਾਣੋ----


ਪੈਂਤਲ ਨੇ ਆਪਣੀ ਮੁੱਡਲੀ ਪੜ੍ਹਾਈ ਦਾ ਕੁਝ ਹਿੱਸਾ ਮਿਆਂਮਾਰ (ਬਰਮਾ) ਵਿਚ ਪੂਰਾ ਕੀਤਾ। ਸਾਲ 1939 ਨੂੰ ਜੰਗ ਹੋਣ ਕਰਕੇ, ਉਸ ਨੂੰ ਲਾਹੌਰ, ਪੰਜਾਬ ਵਿੱਚ ਉਸ ਦੀ ਮਾਸੀ ਕੋਲ ਭੇਜ ਦਿੱਤਾ ਗਿਆ। ਉਸ ਸਮੇਂ ਉਹ 14 ਸਾਲਾਂ ਦਾ ਸੀ, ਜਦ ਉਹ ਲਾਹੌਰ ਦੇ ਖਾਲਸਾ ਸਕੂਲ ਵਿੱਚ ਪੜ੍ਹਨ ਆਇਆ ਸੀ। ਇਹ ਵੀ ਸੁਣਨ ਵਿਚ ਆਉਂਦਾ ਕਿ ਉਸਦੇ ਮਾਤਾ ਜੀ ਵੀ ਚਾਹੁੰਦੇ ਸੀ, ਕਿ ਬਰਮੀ ਭਾਸ਼ਾ ਤਾਂ ਉਹ ਚੰਗੀ ਤਰ੍ਹਾਂ ਬੋਲ ਹੀ ਲੈਂਦਾ, ਪਰ ਇਹ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿੱਪੀ ਨੂੰ ਵੀ ਜਰੂਰ ਸਮਝੇ। ਲਾਹੌਰ ਵਿਚ ਹੀ ਪੈਂਤਲ ਨੇ ਆਪਣੀ ਮੈਟ੍ਰਿਕ ਪਾਸ ਕੀਤੀ। ਫਿਰ ਉਸਨੇ ਕ੍ਰਿਸ਼ਚਨ ਮੈਡੀਕਲ ਕਾਲਜ, ਲਾਹੌਰ (ਅਧੀਨ ਪੰਜਾਬ ਯੂਨੀਵਰਸਿਟੀ) ਤੋਂ ਮੈਡੀਕਲ ਦੀ ਸਿੱਖਿਆ ਹਾਸਿਲ ਕੀਤੀ। ਇਥੇ ਪੜ੍ਹਾਈ ਕਰਨ ਤੋਂ ਬਾਅਦ ਉਸਨੇ ਲਖਨਊ ਦੇ ਕਿੰਗ ਜਾਰਜ ਮੈਡੀਕਲ ਕਾਲਜ ਵਿੱਚ ਦਾਖਲਾ ਲਿਆ। ਇਸ ਕਾਲਜ ਵਿੱਚ ਪੜ੍ਹਨ ਸਮੇਂ ਉਸਨੇ ਵੱਖੋ-ਵਖਰੇ ਸਨਮਾਨ ਹਾਸਿਲ ਕੀਤੇ। 1948 ਵਿਚ ਇਸੇ ਮੈਡੀਕਲ ਕਾਲਜ ਵਿਚੋਂ ਆਪਣੀ ਮੈਡੀਕਲ ਦੀ ਉਚੇਰੀ ਪੜ੍ਹਾਈ ਪੂਰੀ ਕੀਤੀ। ਅਤੇ 2 ਸਾਲ ਕਿੰਗ ਜਾਰਜ ਮੈਡੀਕਲ ਕਾਲਜ ਵਿੱਚ ਸਹਾਇਕ ਲੈਕਚਰਾਰ ਵਜੋਂ ਵੀ ਗੁਜ਼ਾਰੇ। ਸੰਨ 1950 ਵਿਚ ਉਸ ਨੇ ਐਡਿਨਬਰਗ (ਇੰਗਲੈਂਡ) ਦੇ ਮੈਡੀਕਲ ਕਾਲਜ ਵਿੱਚ, ਫਿਜ਼ਿਉਲੌਜੀ ਵਿਭਾਗ ਦੇ ਪ੍ਰੋਫ਼ੈਸਰ ਡੇਵਿਡ ਵਿਟ੍ਰਿਜ ਦੀ ਨਿਗਰਾਨੀ ਅਧੀਨ ਪੀ.ਐੱਚ.ਡੀ ਦੀ ਡਿਗਰੀ ਹਾਸਿਲ ਕੀਤੀ। 



ਆਓ ਅਵਤਾਰ ਸਿੰਘ ਪੈਂਤਲ ਦੀਆਂ ਖੋਜਾਂ ਬਾਰੇ ਜਾਣੀਏ----

ਪੀ.ਐੱਚ.ਡੀ ਤੇ ਕੰਮ ਕਰਦੇ ਸਮੇਂ, ਇਸ ਬੰਦੇ ਦੀਆਂ ਦੋ ਖੋਜਾਂ ਨੇ ਐਡਿਨਬਰਗ (ਇੰਗਲੈਂਡ) ਵਿਚ ਸਰੀਰ ਵਿਗਿਆਨ ਤੇ ਚੱਲ ਰਹੀਆਂ ਖੋਜਾਂ ਵਿਚ ਕ੍ਰਾਂਤੀ ਪੈਦਾ ਕਰ ਦਿੱਤੀ। ਉਨ੍ਹਾਂ ਵਿਚੋਂ ਪਹਿਲੀ ਇਹ ਸੀ, ਕਿ ਕਿਸ ਤਰ੍ਹਾਂ ਅਸਾਨੀ ਨਾਲ ਤਰਲ ਪੈਰਾਫਿਨ ਦੀ ਮਦਦ ਨਾਲ ਨਸਾਂ ਨੂੰ ਡਾਈਸੈਕਟ ਕੀਤਾ ਜਾ ਸਕਦਾ ਹੈ। ਦੂਜੀ ਇਹ, ਕਿ ਕੁਝ ਰਸਾਇਣਾਂ ਨੂੰ ਸਰੀਰ ਅੰਦਰਲੇ ਸਰਕੁਲੇਸ਼ਣ ਵਿਚ ਇੰਜੈਕਟ ਕਰ ਕੇ ਸਾਈਲੈਂਸ ਸੈਂਸਰੀ ਰਿਸੈਪਟਰਬਾਰੇ ਪਤਾ ਲਗਾਇਆ ਜਾ ਸਕਦਾ ਹੈ। ਅਵਤਾਰ ਸਿੰਘ ਦੇ ਇਸ ਯੋਗਦਾਨ ਸਦਕਾ, ਉਸ ਨੂੰ ਬ੍ਰਿਟਿਸ਼ ਫਿਜ਼ਿਉਲੌਜੀ ਸੁਸਾਇਟੀ ਦੇ ਸਾਥੀ ਵਜੋਂ ਚੁਣਿਆ ਗਿਆ। 

ਉਸਨੇ ਦਿਲ ਵਿਚ ਮੌਜੂਦ ਵਾਲਿਊਮ ਰਿਸੈਪਟਰ ਦੀ ਖੋਜ ਕੀਤੀ। ਜਦਕਿ ਅਵਤਾਰ ਸਿੰਘ ਦੇ ਦੱਸਣ ਤੋਂ ਪਹਿਲਾਂ, ਇਹ ਮੰਨਿਆ ਜਾਂਦਾ ਸੀ ਕਿ ਇਹ ਰਿਸੈਪਟਰ ਫੇਫੜਿਆਂ ਵਿੱਚ ਮੌਜੂਦ ਹੁੰਦਾ ਹੈ। ਇਹ ਰਿਸੈਪਟਰ ਸਰੀਰ ਅੰਦਰ ਤਰਲ ਪਦਾਰਥਾਂ ਦੀ ਮਾਤਰਾ ਨੂੰ ਕੰਟਰੋਲ ਕਰਨ ਦਾ ਕੰਮ ਕਰਦੇ ਹਨ। ਅਵਤਾਰ ਸਿੰਘ ਦੀ ਇਸ ਖੋਜ ਨੇ ਇਸ ਦੇ ਗਾਇਡ ਪ੍ਰੋਫ਼ੈਸਰ ਵਿਟ੍ਰਿਜ ਨੂੰ ਵੀ ਹੈਰਾਨ ਕਰ ਦਿੱਤਾ ਸੀ। ਇਸ ਤੋਂ ਬਾਅਦ ਉਸਨੇ ਫੇਫੜਿਆਂ ਵਿਚ ਮੌਜੂਦ 'ਜੀ ਰਿਸੈਪਟਰ' ਖੋਜ ਕੀਤੀ। ਜਦੋਂ ਅਸੀਂ ਕੋਈ ਚੜ੍ਹਾਈ ਚੜ੍ਹਦੇ ਹਾਂ ਜਾਂ ਫਿਰ ਕਾਫ਼ੀ ਜਿਆਦਾ ਭੱਜ ਦੌੜ ਕਰਦੇ ਹਾਂ, ਉਸ ਸਮੇਂ ਸਰੀਰ ਅੰਦਰ ਲਹੂ ਦਾ ਪ੍ਰਵਾਹ ਵਧ ਜਾਂਦਾ ਹੈ। ਅਤੇ ਇਸ ਪ੍ਰਵਾਹ ਵਿਚ 'ਜੀ ਰਿਸੈਪਟਰ' ਉਤੇਜਿਤ ਹੁੰਦੇ ਹਨ। ਇਹ 'ਜੀ ਰਿਸੈਪਟਰ' ਸਾਹ ਲੈਣ ਦੀ ਕਿਰਿਆ ਨੂੰ ਵਧਾ ਦਿੰਦੇ ਹਨ, ਅਤੇ ਕਸਰਤ ਨੂੰ ਖ਼ਤਮ ਕਰਕੇ ਸਰੀਰ ਨੂੰ ਆਰਾਮ ਕਰਨ ਲਈ ਨਿਰਦੇਸ਼ ਦਿੰਦੇ ਹਨ।
ਫਿਰ ਉਸਨੇ 'ਗੈਸਟਰੋ ਇਨਟੈਸਟਾਇਲ ਸਟਰੈੱਚ ਰਿਸੈਪਟਰ' ਦੀ ਖੋਜ ਕੀਤੀ। ਇਹ ਰਿਸੈਪਟਰ ਸਾਡੇ ਪੇਟ ਵਿੱਚ ਹੁੰਦਾ ਹੈ। ਜਦ ਪੇਟ ਭਰ ਜਾਂਦਾ ਹੈ, ਉਸ ਸਮੇਂ ਇਹੀ ਸਟਰੈੱਚ ਸਾਨੂੰ ਚਿਤਾਵਨੀ ਦੇ ਰਿਹਾ ਹੁੰਦਾ ਹੈ, ਕਿ ਹੁਣ ਹੋਰ ਭੋਜਨ ਜਾ ਕੋਈ ਤਰਲ ਪਦਾਰਥ ਪੇਟ ਵਿੱਚ ਨਹੀਂ ਪਾਇਆ ਜਾ ਸਕਦਾ। ਅਵਤਾਰ ਸਿੰਘ ਪੈਂਤਲ ਦੀਆਂ ਇਨ੍ਹਾਂ ਖੋਜਾਂ ਸਦਕਾ ਪੇਟ ਸਬੰਧੀ, ਸਾਹ ਦੇ ਰੋਗ ਅਤੇ ਕਈ ਹੋਰ ਰੋਗਾਂ ਦੇ ਇਲਾਜ ਕਰਨੇ ਸੰਭਵ ਹੋ ਸਕੇ।

ਇੰਡੀਅਨ ਕੌਂਸਿਲ ਆਫ ਮੈਡੀਕਲ ਰਿਸਰਚ ਦੇ ਡਾਇਰੈਟਰ ਅਤੇ "ਪਦਮ ਵਿਭੂਸ਼ਣ" ਅਵਾਰਡ ਨਾਲ ਸਨਮਾਨਿਤ ਹੋਣਾ---

1954 ਵਿਚ ਅਵਤਾਰ ਸਿੰਘ ਭਾਰਤ ਆ ਗਏ। ਇੱਥੇ ਇਨ੍ਹਾਂ ਨੂੰ ਪਟੇਲ ਚੈਸਟ ਇੰਸਟੀਚਿਊਟ ਦੇ ਸਹਾਇਕ ਡਾਇਰੈਕਟਰ ਵਜੋਂ ਚੁਣਿਆ ਗਿਆ। ਇੱਥੇ ਉਸਨੇ ਕਈ ਖੋਜਾਂ ਕੀਤੀਆਂ। (1956-1958) ਦੌਰਾਨ ਉਨ੍ਹਾਂ ਨੂੰ ਐਲਬਰਟ ਆਈਨਸਟਾਈਨ ਕਾਲਜ ਆਫ ਮੈਡੀਸਨ ਅਤੇ ਯੂਨੀਵਸਿਟੀ ਆਫ ਯੂਟਾ (ਅਮਰੀਕਾ) ਅਤੇ ਯੂਨੀਵਸਿਟੀ ਆਫ ਗੋਇਟਿੰਗਨ (ਜਰਮਨ) ਵਿਚ ਵਿਜ਼ਟਿੰਗ ਪ੍ਰੋਫ਼ੈਸਰ ਦੇ ਤੌਰ ਤੇ ਬੁਲਾਇਆ ਗਿਆ। ਫਿਰ ਉਨ੍ਹਾਂ ਨੇ ਐਡਿਨਬਰਗ ਯੂਨੀਵਰਸਿਟੀ ਤੋਂ ਡੀ.ਐੱਸ.ਸੀ ਦੀ ਡਿਗਰੀ ਪ੍ਰਾਪਤ ਕੀਤੀ। ਇਸ ਤੋਂ ਬਾਅਦ ਉਹ (1958-1964) ਦੌਰਾਨ ਲਗਾਤਾਰ 6 ਸਾਲ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ, ਨਵੀਂ ਦਿੱਲੀ ਵਿਖੇ ਸਰੀਰ ਵਿਗਿਆਨ ਦੇ ਪ੍ਰੋਫੈਸਰ ਵੀ ਰਹੇ। 1964 ਨੂੰ ਉਨ੍ਹਾਂ ਨੂੰ ਦੁਬਾਰਾ ਫਿਰ ਪਟੇਲ ਚੈਸਟ ਇੰਸਟੀਚਿਊਟ ਦੇ ਡਾਇਰੈਕਟਰ ਵਜੋਂ ਨਿਯੁਕਤ ਕੀਤਾ ਗਿਆ। ਜਿੱਥੇ ਕਿ ਉਹ 1990 ਵਿਚ ਰਿਟਾਇਰ ਹੋਏ। ਨਾਲ ਨਾਲ ਉਹ 1986 ਤੋਂ 1991 ਤੱਕ ਇੰਡੀਅਨ ਕੌਂਸਿਲ ਆਫ ਮੈਡੀਕਲ ਰਿਸਰਚ ਦੇ ਡਾਇਰੈਟਰ ਵੀ ਰਹੇ। ਭਾਰਤ ਦੇ ਰਾਸ਼ਟਰਪਤੀ ਨੇ ਉਨ੍ਹਾਂ ਨੂੰ 1986 ਵਿਚ "ਪਦਮ ਵਿਭੂਸ਼ਣ" ਅਵਾਰਡ ਨਾਲ ਸਨਮਾਨਿਤ ਵੀ ਕੀਤਾ ਸੀ। ਇਸ ਮਹਾਨ ਵਿਗਿਆਨੀ ਦਾ 21 ਦਸੰਬਰ, 2004 ਨੂੰ ਦਿਲ ਦਾ ਦੌਰਾ ਪੈਣ ਕਰਕੇ ਦਿਹਾਂਤ ਹੋ ਗਿਆ ਸੀ। 


Elected as a member of the Royal Society, London, Avtar Singh Pantal, a Punjabi scientist from India, has the distinction of being the inventor of various stretch receptors. 


Post a comment

0 Comments